Saturday, July 6, 2013

ਪ੍ਰੈੱਸ ਬਿਆਨ - ਜਮਹੂਰੀ ਅਧਿਕਾਰ ਸਭਾ, ਪੰਜਾਬ

ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲੱਖ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਆਂਧਰਾ ਪ੍ਰਦੇਸ ਦੇ ਰੈਵੋਲੂਸ਼ਨਰੀ ਡੈਮੋਕਰੇਟਿਕ ਫਰੰਟ ਦੇ ਮੀਤ ਪ੍ਰਧਾਨ ਕਾ. ਗਾਂਤੀ ਪ੍ਰਸਾਦ ਰਾਓ ਉਰਫ਼ ਪ੍ਰਸਾਦਮ ਨੂੰ ਪੁਲਿਸ ਵਲੋਂ ਬਣਾਏ ਗ਼ੈਰਕਾਨੂੰਨੀ ਚੌਕਸੀ ਗਰੋਹ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ। ਗਾਂਤੀ ਪ੍ਰਸਾਦ ਰਾਓ ਉਰਫ਼ ਪ੍ਰਸਾਦਮ ਇਕ ਰਾਜਨੀਤਕ ਚੇਤਨਾ ਵਾਲੇ ਵਿਅਕਤੀ ਸਨ ਅਤੇ ਲੋਕ ਹਿੱਤਾਂ ਵਿਚ ਬਹੁਤ ਹੀ ਨਿਧੜਕ ਹੋ ਕਿ ਆਵਾਜ਼ ਉਠਾਉਂਦੇ ਸਨ। ਉਹ ਰਾਜਨੀਤਕ ਕੈਦੀਆਂ ਦੀ ਰਿਹਾਈ ਵਾਸਤੇ ਬਹੁਤ ਸਰਗਰਮ ਹਿੱਸਾ ਪਾ ਰਹੇ ਸਨ। ਇਨਕਲਾਬੀ ਕਵੀ ਅਤੇ ਲੇਖਕ ਸ੍ਰੀ ਪ੍ਰਸਾਦਮ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਜਿਥੇ ਮਿਹਨਤਕਸ਼ ਲੋਕਾਂ ਨੂੰ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਲੋਕ ਸੰਘਰਸ਼ਾਂ ਲਈ ਜਥੇਬੰਦ ਕਰਨ ਨੂੰ ਸਮਰਪਿਤ ਸਨ ਉੱਥੇ 'ਅਮਰਾਵੀਰੂ ਬੰਧੂ ਮਿਤਰੁਲਾ ਕਮੇਟੀ' ਰਾਹੀਂ ਮਾਓਵਾਦੀ ਲਹਿਰ ਲਈ ਕੰਮ ਕਰਦਿਆਂ ਮਾਰੇ ਗਏ ਕਾਰਕੁੰਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਲਗਾਤਾਰ ਕੋਸ਼ਿਸ਼ਾਂ ਜੁਟਾਉਂਦੇ ਸਨ।
ਸਭਾ ਦੇ ਆਗੂਆਂ ਨੇ ਦੇਸ਼ ਦੀ ਸੁਪਰੀਮ ਕੋਰਟ ਦੇ ਇਹਨਾਂ ਅਦੇਸ਼ਾਂ ਵਲ ਧਿਆਨ ਦਿਵਾਉਂਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਰਾਜਨੀਤਕ ਵਿਚਾਰਧਾਰਾ ਰੱਖਣ ਤੇ ਜਮਹੂਰੀ ਢੰਗ ਨਾਲ ਕੰਮ ਕਰਨ ਦਾ ਸੰਵਿਧਾਨਕ ਹੱਕ ਹੈ। ਪਰ ਇਸ ਤਰ੍ਹਾਂ ਰਾਜਨੀਤਕ ਕਾਰਕੁੰਨਾਂ ਦੇ ਕਤਲ ਇਕ ਬਹੁਤ ਹੀ ਖ਼ਤਰਨਾਕ ਰੁਝਾਨ ਹੈ ਅਤੇ ਜਮਹੂਰੀ ਕਦਰਾਂ-ਕੀਮਤਾਂ ਲਈ ਖ਼ਤਰਾ ਹੈ।  ਸਮੂਹ ਜਮਹੂਰੀ ਤੇ ਇਨਸਾਫ਼ਪਸੰਦ ਤਾਕਤਾਂ ਨੂੰ ਇਨ੍ਹਾਂ ਰਾਜਸੀ ਕਤਲਾਂ ਦਾ ਨੋਟਿਸ ਲੈਕੇ ਇਸ ਵਿਰੁੱਧ ਜ਼ੋਰਦਾਰ ਲੋਕ ਰਾਇ ਲਾਮਬੰਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਹੁਕਮਰਾਨਾਂ ਨੂੰ ਰਾਜਕੀ ਹਿੰਸਾ ਦਾ ਰਾਹ ਤਿਆਗਕੇ ਲੋਕ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਕੱਢਣ ਵੱਲ ਮੋੜਿਆ ਜਾ ਸਕੇ।

ਜਾਰੀ ਕਰਤਾ:
ਬੂਟਾ ਸਿੰਘ,
ਪ੍ਰੈੱਸ ਸਕੱਤਰ
ਮਿਤੀ: 6 ਜੁਲਾਈ 2013


ਕੋਆਰਡੇਨੇਸ਼ਨ ਆਫ ਡੈਮੋਕਰੇਟਿਕ ਰਾਈਟਸ ਆਰਗੇਨਾਈਜੇਸ਼ਨ (ਸੀ ਡੀ.ਆਰ. ਓ.)

ਕੋਆਰਡੇਨੇਸ਼ਨ ਆਫ ਡੈਮੋਕਰੇਟਿਕ ਰਾਈਟਸ ਆਰਗੇਨਾਈਜੇਸ਼ਨ (ਸੀ ਡੀ.ਆਰ. ਓ.)
ਅਸੀਂ ਮਾਓਵਾਦੀ ਪਾਰਟੀ ਦੇ ਸਾਬਕਾ ਆਗੂ ਅਤੇ ਅਮਰਾਲੂ ਬੰਧੂਮਿਤਰੂਲਾ ਕਮੇਟੀ, ਦੇ ਪ੍ਰਧਾਨ ਕਾ. ਗੰਟੀ ਪ੍ਰਸਾਦਮ ਨੂੰ ਰਾਜ ਦੀ ਸਰਪ੍ਰਸਤੀ ਵਾਲੇ ਮੁਜਰਮ ਗਰੋਹ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦੇ ਹਾਂ। ਆਂਧਰਾ ਪ੍ਰਦੇਸ਼ ਦੇ ਨੈਲੂਰ ਕਸਬੇ ਵਿਚ ਚਾਰ ਜੁਲਾਈ ਨੂੰ ਸਾਢੇ ਤਿੰਨ ਵਜੇ ਉਸ ਨੂੰ ਦਾਤਰ ਮਾਰਕੇ ਨੇੜੇ ਗੋਲੀਆਂ ਗਈਆਂ। ਹਮਲਾ ਓਦੋਂ ਕੀਤਾ ਗਿਆ ਜਦੋਂ ਉਹ ਸਥਾਨਕ ਹਸਪਤਾਲ ਵਿਚ ਇਕ ਮਰੀਜ ਦੀ ਖ਼ਬਰ ਲੈਣ ਲਈ ਗਿਆ। ਤਿੰਨ ਅਣਪਛਾਤੇ ਬੰਦੇ ਹਸਪਤਾਲ ਦੇ ਗੇਟ 'ਤੇ ਉਸ ਨੂੰ ਦਾਤਰ ਤੇ ਗੋਲੀਆਂ ਮਾਰਕੇ ਭੱਜ ਗਏ। ਸਵੇਰੇ ਉਹ ਨੈਲੂਰ ਦੇ ਟਾਊਨ ਹਾਲ ਵਿਖੇ ਇਨਕਲਾਬੀ ਲੇਖਕ ਸਭਾ ਦੇ ਸ਼ਹੀਦੀ ਸਮਾਗਮ 'ਚ ਸ਼ਾਮਲ ਸੀ। ਪੁਲਿਸ ਬਹੁਤ ਹੀ ਸਰਸਰੀ ਜਹੇ ਤਰੀਕੇ ਨਾਲ ਤਫ਼ਤੀਸ਼ ਕਰ ਰਹੀ ਹੈ ਅਤੇ ਇਸ ਕਤਲ ਨੂੰ ਵਿਅਕਤੀਗਤ ਰੰਗਤ ਦੇ ਰਹੀ ਹੈ। ਇਹ ਕਤਲ ਦੇ ਅਸਲ ਮਨੋਰਥ ਵਲੋਂ ਧਿਆਨ ਹਟਾਉਣ ਦਾ ਦਾਅਪੇਚ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਰਾਜ ਦੀ ਸਰਪ੍ਰਸਤੀ ਵਾਲੇ ਗਰੋਹ ਵਲੋਂ ਇਹ ਕਤਲ ਪੁਲਿਸ ਦੀ ਪੂਰੀ ਮਿਲੀਭੁਗਤ ਅਤੇ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਨਾਜ਼ਕ ਹਾਲਤ ਨੂੰ ਦੇਖਦਿਆਂ ਜਦੋਂ ਇਨਕਲਾਬੀ ਲੇਖਕਾਂ ਅਤੇ ਆਂਧਰਾ ਪ੍ਰਦੇਸ ਸਿਵਲ ਲਿਬਰਟੀ ਕਮੇਟੀ ਦੇ ਆਗੂਆਂ ਦੇ ਵਫ਼ਦ ਨੇ ਮੁੱਖ ਮੰਤਰੀ ਨੂੰ ਮਿਲਕੇ ਜ਼ਖ਼ਮੀ ਹੋਏ ਪ੍ਰਸਾਦਮ ਨੂੰ ਵਧੀਆ ਇਲਾਜ ਲਈ ਹੈਦਰਾਬਾਦ ਭੇਜਣ ਦੀ ਗੁਜ਼ਾਰਿਸ਼ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਉਲਟਾ ਉਨ੍ਹਾਂ ਉੱਪਰ ਹੀ ਕੇਸ ਦਰਜ਼ ਕਰ ਦਿੱਤੇ ਗਏ। ਲਿਹਾਜ਼ਾ ਸੂਬਾ ਸਰਕਾਰ ਦਾ ਰਵੱਈਆ ਨਿਹਾਇਤ ਨਿੰਦਣਯੋਗ ਹੈ।
ਮੁੱਢਲੀ ਸਹਾਇਤਾ ਦੇਣ ਵਾਲੇ ਡਾਕਟਰਾਂ ਨੇ ਦੱਸਿਆ ਕਿ ਪ੍ਰਸਾਦਮ ਦੇ ਤਿੰਨ ਗੋਲੀਆਂ ਲੱਗੀਆਂ ਹੋਈਆਂ ਸਨ - ਦੋ ਛਾਤੀ ਦੇ ਹੇਠਲੇ ਪਾਸੇ ਅਤੇ ਇਕ ਪੁੜੇ ਉੱਪਰ। ਉਸ ਦੇ ਗਲੇ ਅਤੇ ਖੱਬੀ ਬਾਂਹ ਉੱਪਰ ਦਾਤਰ ਦੇ ਡੂੰਘੇ ਫੱਟ ਸਨ। ਜਦੋਂ ਹਾਲਤ ਵਿਗੜ ਗਈ ਤਾਂ ਉਸ ਨੂੰ ਸ਼ਹਿਰ ਦੇ ਬਾਹਰ ਕਾਰਪੋਰੇਟ ਹਸਪਤਾਲ ਲਿਜਾਇਆ ਗਿਆ। ਪ੍ਰਸਾਦਮ ਜੋ ਓਦੋਂ ਹਾਲੇ ਹੋਸ਼ 'ਚ ਸੀ ਡਾਕਟਰਾਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਕਹਿ ਰਿਹਾ ਸੀ ਕਿ ਇਨਕਲਾਬੀ ਲਹਿਰ ਦੀ ਖ਼ਾਤਰ ਉਸ ਦੀ ਜਾਨ ਜ਼ਰੂਰ ਬਚਾਈ ਜਾਵੇ। 
ਆਂਧਰਾ ਪ੍ਰਦੇਸ ਦਾ ਇਹ ਬਹੁਤ ਹੀ ਭਿਆਨਕ ਤਜ਼ਰਬਾ ਹੈ ਕਿ ਪੁਲਿਸ ਨੇ ਲੋਕ ਜਥੇਬੰਦੀਆਂ ਦੇ ਆਗੂਆਂ ਅਤੇ ਜਮਹੂਰੀ-ਸ਼ਹਿਰੀ ਹੱਕਾਂ ਦੇ ਕਾਰਕੁੰਨਾਂ ਦਾ ਸਫ਼ਾਇਆ ਕਰਨ ਲਈ ਕਾਨੂੰਨ ਦੀਆਂ ਧੱਜੀਆਂ ਉਡਾਕੇ ਗ਼ੈਰਕਾਨੂੰਨੀ ਗਰੋਹ ਬਣਾਏ ਹੋਏ ਹਨ। ਬੀਤੇ ਸਮੇਂ 'ਚ ਸਿਵਲ ਲਿਬਰਟੀਜ਼ ਕਮੇਟੀ ਦੇ ਆਗੂਆਂ ਡਾ. ਰਾਮਾਨਾਥਨ, ਪੁਰਸ਼ੋਤਮ ਤੇ ਆਜ਼ਮ ਅਲੀ ਅਤੇ ਮਨੀਅਮ ਪ੍ਰਸਾਦ ਅਤੇ ਕਾਨਕਾਚਾਰੀ ਵਰਗਿਆਂ ਨੂੰ ਕੋਬਰਾ, ਟਾਈਗਰ ਨਾਂ ਦੇ ਗਰੋਹਾਂ ਵਲੋਂ ਇਸੇ ਤਰ੍ਹਾਂ ਬੇਰਹਿਮੀ ਨਾਲ ਕਤਲ ਕੀਤਾ ਗਿਆ। ਇਨ੍ਹਾਂ ਅਖੌਤੀ ਕੋਬਰਾ ਅਤੇ ਟਾਈਗਰ ਗਰੋਹਾਂ ਨੇ 70 ਦੇ ਕਰੀਬ ਕਾਰਕੁੰਨਾਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਹੋਈਆਂ ਹਨ ਕਿ ਜੇ ਉਨ੍ਹਾਂ ਨੇ ਆਪਣੀਆਂ ਜਥੇਬੰਦੀਆਂ ਨਾ ਛੱਡੀਆਂ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ। ਇਨ੍ਹਾਂ ਗਰੋਹਾਂ ਨੂੰ ਰਾਜ ਦੀ ਖੁੱਲ੍ਹੀ ਸਰਪ੍ਰਸਤੀ ਤੇ ਹਮਾਇਤ ਹੈ। ਹੁਣ ਇਨ੍ਹਾਂ ਨੇ ਪ੍ਰਸਾਦਮ ਨੂੰ ਕਤਲ ਕਰ ਦਿੱਤਾ ਕਿਉਂਕਿ ਲੁੱਟੇਪੁੱਟੇ ਜਾਂਦੇ ਲੋਕਾਂ 'ਚ ਉਸ ਦੀ ਹਰਮਨਪਿਆਰਤਾ ਬਣ ਗਈ ਅਤੇ ਉਹ ਸੂਬੇ ਵਿਚ ਸੰਘਰਸ਼ ਜਥੇਬੰਦ ਕਰਨ 'ਚ ਜੁੱਟਿਆ ਹੋਇਆ ਸੀ। ਅਸੀਂ ਸਮੂਹ ਜਮਹੂਰੀਪਸੰਦ ਲੋਕਾਂ ਅਤੇ ਬੁੱਧੀਜੀਵੀਆਂ ਨੂੰ ਆਂਧਰਾ ਪ੍ਰਦੇਸ਼ ਸਰਕਾਰ ਵਲੋਂ ਪ੍ਰਸਾਦਮ ਨੂੰ ਕਤਲ ਕਰਾਏ ਜਾਣ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕਰਦੇ ਹਾਂ। ਅਸੀਂ ਇਸ ਕਤਲ ਦੀ ਤੁਰੰਤ ਜੁਡੀਸ਼ੀਅਲ ਜਾਂਚ ਕਰਾਕੇ ਦੋਸ਼ੀਆਂ ਵਿਰੁੱਧ ਕੇਸ ਦਰਜ਼ ਕਰਨ ਦੀ ਮੰਗ ਕਰਦੇ ਹਾਂ।

ਵਲੋਂ:
(ਕੋ-ਆਰਡੀਨੇਟਰ, ਕੋਆਰਡੀਨੇਸ਼ਨ ਆਫ ਡੈਮੋਕਰੇਟਿਕ ਰਾਈਟਸ ਆਰਗੇਨਾਈਜੇਸ਼ਨਜ਼)

ਸੀ ਡੀ ਆਰ ਓ ਵਿਚ ਸ਼ਾਮਲ ਜਥੇਬੰਦੀਆਂ
1. ਜਮਹੂਰੀ ਅਧਿਕਾਰ ਸਭਾ, ਪੰਜਾਬ (ਏ ਐੱਫ ਡੀ ਆਰ, ਪੰਜਾਬ)
2. ਆਂਧਰਾ ਪ੍ਰਦੇਸ਼ ਸਿਵਲ ਲਿਬਰਟੀਜ਼ ਕਮੇਟੀ (ਏ ਪੀ ਸੀ ਐੱਲ ਸੀ)
3. ਆਸਨਸੋਲ ਸਿਵਲ ਰਾਈਟਸ ਆਰਗੇਨਾਈਜੇਸ਼ਨਜ਼ (ਪੱਛਮੀ ਬੰਗਾਲ)
4.  ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ
    (ਏ ਪੀ ਡੀ ਆਰ, ਪੱਛਮੀ ਬੰਗਾਲ)
5. ਬੰਦੀ ਮੁਕਤੀ ਕਮੇਟੀ (ਪੱਛਮੀ ਬੰਗਾਲ)
6. ਕਮੇਟੀ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ (ਸੀ ਪੀ ਡੀ ਆਰ, ਮੁੰਬਈ)
7. ਕੋਆਰਡੀਨੇਸ਼ਨ ਫਾਰ ਹੂਮੈਨ ਰਾਈਟਸ (ਸੀ ਓ ਐੱਚ ਆਰ, ਮਨੀਪੁਰ)
8. ਹੂਮੈਨ ਰਾਈਟਸ ਫੋਰਮ (ਐੱਚ ਆਰ ਐੱਫ, ਆਂਧਰਾ ਪ੍ਰਦੇਸ਼)
9. ਲੋਕਸ਼ਾਹੀ ਹੱਕ ਸੰਗਠਨ (ਐੱਲ ਐੱਚ ਐੱਸ, ਮਹਾਰਾਸ਼ਟਰ)
10. ਮਾਨਬ ਅਧਿਕਾਰ ਸੰਗਰਾਮ ਸੰਮਤੀ (ਐੱਮ ਏ ਐੱਸ ਐੱਸ, ਅਸਾਮ)
11. ਨਾਗਾ ਪੀਪਲਜ਼ ਮੂਵਮੈਂਟ ਫਾਰ ਹੂਮੈਨ ਰਾਈਟਸ (ਐੱਨ ਪੀ ਐੱਮ ਐੱਚ ਆਰ)
12. ਆਰਗੇਨਾਈਜੇਸ਼ਨ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ
   (ਓ ਪੀ ਡੀ ਆਰ, ਆਂਧਰਾ ਪ੍ਰਦੇਸ਼)
13. ਪੀਪਲਜ਼ ਕਮੇਟੀ ਫਾਰ ਹੂਮੈਨ ਰਾਈਟਸ (ਪੀ ਸੀ ਐੱਚ ਆਰ, ਜੰਮੂ ਅਤੇ ਕਸ਼ਮੀਰ)
14. ਪੀਪਲਜ਼ ਡੈਮੋਕਰੇਟਿਕ ਫੋਰਮ (ਪੀ ਡੀ ਐੱਫ, ਕਰਨਾਟਕ)
15. ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਪੀ ਯੂ ਸੀ ਐੱਲ) ਛੱਤੀਸਗੜ੍ਹ
16. ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਪੀ ਯੂ ਸੀ ਐੱਲ) ਝਾਰਖੰਡ
17. ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਪੀ ਯੂ ਸੀ ਐੱਲ) ਨਾਗਪੁਰ
18. ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਪੀ ਯੂ ਸੀ ਐੱਲ) ਰਾਜਸਥਾਨ
19. ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਪੀ ਯੂ ਸੀ ਐੱਲ) ਤਾਮਿਲਨਾਡੂ
20.  ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (ਪੀ ਯੂ ਡੀ ਆਰ, ਦਿੱਲੀ)
21. ਪੀਪਲਜ਼ ਯੂਨੀਅਨ ਫਾਰ ਹੂਮੈਨ ਰਾਈਟਸ (ਪੀ ਯੂ ਐੱਚ ਆਰ, ਹਰਿਆਣਾ)
22 ਕੈਂਪੇਨ ਫਾਰ ਪੀਸ ਐਂਡ ਡੈਮੋਕਰੇਸੀ, ਮਨੀਪੁਰ (ਸੀ ਪੀ ਡੀ ਐਮ)