Sunday, September 10, 2017

ਗੌਰੀ ਲੰਕੇਸ਼ ਦਾ ਆਖ਼ਰੀ ਸੰਪਾਦਕੀ

[ਗੌਰੀ ਲੰਕੇਸ਼ ਪੱਤਿ੍ਰਕਾ ਦਾ ਨਾਮ ਹੈ। 16 ਪੰਨਿਆਂ ਦੀ ਇਹ ਪੱਤਿ੍ਰਕਾ ਹਰ ਹਫ਼ਤੇ ਨਿਕਲਦੀ ਹੈ। 15 ਰੁਪਏ ਮੁੱਲ ਹੁੰਦਾ ਹੈ। 13 ਸਤੰਬਰ ਦਾ ਅੰਕ ਆਖ਼ਰੀ ਸੀ ਜੋ ਗੌਰੀ ਲੰਕੇਸ਼ ਨੇ ਸੰਪਾਦਤ ਕੀਤਾ ਅਤੇ ਇਸ ਲਈ ਲਿਖੀ ਉਸਦੀ ਸੰਪਾਦਕੀ ਆਖ਼ਿਰੀ ਸਾਬਤ ਹੋਈ। ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਜੀ ਨੇ ਆਪਣੇ ਕਿਸੇ ਮਿੱਤਰ ਦੀ ਮਦਦ ਨਾਲ ਉਸ ਦੇ ਆਖ਼ਿਰੀ ਸੰਪਾਦਕੀ ਦਾ ਹਿੰਦੀ ਵਿਚ ਅਨੁਵਾਦ ਕਰਵਾਇਆ। ਉਨ੍ਹਾਂ ਦੀ ਬਦੌਲਤ ਇਹ ਉਨ੍ਹਾਂ ਪਾਠਕਾਂ ਲਈ ਪੜ੍ਹਨਾ ਸੰਭਵ ਹੋਇਆ ਜਿਹੜੇ ਕੰਨੜ ਨਹੀਂ ਪੜ੍ਹ ਸਕਦੇ। ਅਦਾਰਾ ਦੋ-ਮਾਸਿਕ ਲੋਕ ਕਾਫ਼ਲਾ ਨੇ ਇਸ ਨੂੰ ਪੰਜਾਬੀ ਪਾਠਕਾਂ ਲਈ ਅਨੁਵਾਦ ਕੀਤਾ ਹੈ। ਇਸ ਨੂੰ ਪੜ੍ਹਕੇ ਪਤਾ ਲਗਦਾ ਹੈ ਕਿ ਕੰਨੜ ਵਿਚ ਲਿਖਣ ਵਾਲੀ ਇਸ ਦਲੇਰ ਪੱਤਰਕਾਰ ਦੀ ਲੇਖਣੀ ਕਿਹੋ ਜਹੀ ਸੀ, ਉਸਦੀ ਧਾਰ ਕਿਹੋ ਜਹੀ ਸੀ। ਹਰ ਅੰਕ ਵਿਚ ਗੌਰੀ ‘ਕੰਡਾ ਹਾਗੇ’ ਨਾਂ ਨਾਲ ਕਾਲਮ ਲਿਖਦੀ ਸੀ। ਕੰਡਾ ਹਾਗੇ ਦਾ ਭਾਵ ਹੁੰਦਾ ਹੈ ਜਿਵੇਂ ਮੈਂ ਦੇਖਿਆ। ਉਨ੍ਹਾਂ ਦਾ ਸੰਪਾਦਕੀ ਪੱਤਿ੍ਰਕਾ ਦੇ ਤੀਸਰੇ ਪੰਨੇ ਉੱਪਰ ਛਪਦਾ ਸੀ। ਇਸ ਵਾਰ ਦਾ ਸੰਪਾਦਕੀ ਫੇਕ ਨਿਊਜ਼ ਉੱਪਰ ਸੀ ਅਤੇ ਉਸਦਾ ਸਿਰਲੇਖ ਸੀ- ‘ਫੇਕ ਨਿਊਜ਼ ਦੇ ਜ਼ਮਾਨੇ ਵਿਚ’। ਇਹ ਸੰਪਾਦਕੀ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ ]
‘ਫੇਕ ਨਿਊਜ਼ ਦੇ ਜ਼ਮਾਨੇ ਵਿਚ
ਇਸ ਹਫ਼ਤੇ ਦੇ ਅੰਕ ਵਿਚ ਮੇਰੇ ਦੋਸਤ ਡਾ. ਵਾਸੂ ਨੇ ਗੋਇਬਲਜ਼ ਦੀ ਤਰ੍ਹਾਂ ਇੰਡੀਆ ਵਿਚ ਫੇਕ ਨਿਊਜ਼ ਬਣਾਉਣ ਦੀ ਫੈਕਟਰੀ ਦੇ ਬਾਰੇ ਵਿਚ ਲਿਖਿਆ ਹੈ। ਝੂਠ ਦੀਆਂ ਐਸੀਆਂ ਫੈਕਟਰੀਆਂ ਜ਼ਿਆਦਾਤਰ ਮੋਦੀ ਭਗਤ ਹੀ ਚਲਾਉਦੇ ਹਨ। ਝੂਠ ਦੀ ਫੈਕਟਰੀ ਨਾਲ ਜੋ ਨੁਕਸਾਨ ਹੋ ਰਿਹਾ ਹੈ ਮੈਂ ਉਸਦੇ ਬਾਰੇ ਵਿਚ ਆਪਣੇ ਸੰਪਾਦਕੀ ਵਿਚ ਦੱਸਣ ਦਾ ਯਤਨ ਕਰਾਂਗੀ। ਅਜੇ ਪਰਸੋਂ ਹੀ ਗਣੇਸ਼ ਚਤੁਰਥੀ ਸੀ। ਉਸ ਦਿਨ ਸੋਸ਼ਲ ਮੀਡੀਆ ਵਿਚ ਇਕ ਝੂਠ ਫੈਲਾਇਆ ਗਿਆ। ਫੈਲਾਉਣ ਵਾਲੇ ਸੰਘ ਦੇ ਲੋਕ ਸਨ। ਇਹ ਝੂਠ ਕੀ ਸੀ? ਝੂਠ ਇਹ ਹੈ ਕਿ ਕਰਨਾਟਕਾ ਸਰਕਾਰ ਜਿਥੇ ਕਹੇਗੀ ਗਣੇਸ਼ ਜੀ ਦੀ ਮੂਰਤੀ ਉੱਥੇ ਸਥਾਪਤ ਕਰਨੀ ਹੈ, ਉਸ ਤੋਂ ਪਹਿਲਾਂ ਦਸ ਲੱਖ ਡਿਪਾਜ਼ਿਟ ਕਰਨਾ ਹੋਵੇਗਾ, ਮੂਰਤੀ ਦੀ ਉਚਾਈ ਕਿੰਨੀ ਹੋਵੇਗੀ, ਇਸਦੇ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ, ਦੂਸਰੇ ਧਰਮ ਦੇ ਲੋਕ ਜਿਥੇ ਰਹਿੰਦੇ ਹਨ ਉਨ੍ਹਾਂ ਰਸਤਿਆਂ ਤੋਂ ਜਲ-ਪ੍ਰਵਾਹ ਕਰਨ ਦੇ ਲਈ ਨਹੀਂ ਲਿਜਾ ਸਕਦੇ। ਪਟਾਕੇ ਵਗੈਰਾ ਨਹੀਂ ਚਲਾ ਸਕਦੇ। ਸੰਘ ਦੇ ਲੋਕਾਂ ਨੇ ਇਸ ਝੂਠ ਨੂੰ ਖ਼ੂਬ ਫੈਲਾਇਆ। ਇਹ ਝੂਠ ਐਨਾ ਜ਼ੋਰ ਨਾਲ ਫੈਲ ਗਿਆ ਕਿ ਅੰਤ ਵਿਚ ਕਰਨਾਟਕਾ ਦੇ ਪੁਲਿਸ ਮੁਖੀ ਆਰ.ਕੇ. ਦੱਤਾ ਨੂੰ ਪ੍ਰੈੱਸ ਕਾਨਫਰੰਸ ਸੱਦਣੀ ਪਈ ਅਤੇ ਸਫ਼ਾਈ ਦੇਣੀ ਪਈ ਕਿ ਸਰਕਾਰ ਨੇ ਐਸਾ ਕੋਈ ਨਿਯਮ ਨਹੀਂ ਬਣਾਇਆ ਹੈ। ਇਹ ਸਭ ਝੂਠ ਹੈ।
ਜਦੋਂ ਅਸੀਂ ਇਸ ਝੂਠ ਦਾ ਸੋਰਸ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਜਾ ਪਹੁੰਚਿਆ ਨਾਮ ਦੀ ਵੈੱਬਸਾਈਟ ਉੱਪਰ। ਇਹ ਵੈੱਬਸਾਈਟ ਪੱਕੇ ਹਿੰਦੂਤਵਵਾਦੀਆਂ ਦੀ ਹੈ। ਇਸਦਾ ਕੰਮ ਆਏ ਦਿਨ ਫੇਕ ਨਿਊਜ਼ ਬਣਾ ਬਣਾਕੇ ਸੋਸ਼ਲ ਮੀਡੀਆ ਵਿਚ ਫੈਲਾਉਣਾ ਹੈ। 11 ਅਗਸਤ ਨੂੰ ਵਿਚ ਇਕ ਹੈਡਿੰਗ ਲਗਾਇਆ ਗਿਆ। ਕਰਨਾਟਕ ਵਿਚ ਤਾਲਿਬਾਨ ਸਰਕਾਰ। ਇਸ ਹੈਡਿੰਗ ਦੇ ਸਹਾਰੇ ਪੂਰੇ ਰਾਜ ਵਿਚ ਝੂਠ ਫੈਲਾਉਣ ਦੀ ਕੋਸ਼ਿਸ ਹੋਈ। ਸੰਘ ਦੇ ਲੋਕ ਇਸ ਵਿਚ ਕਾਮਯਾਬ ਵੀ ਹੋਏ। ਜੋ ਲੋਕ ਕਿਸੇ ਨਾ ਕਿਸੇ ਵਜਾ੍ਹ ਨਾਲ ਸਿਦਾਰਮੱਈਆ ਸਰਕਾਰ ਤੋਂ ਨਾਰਾਜ਼ ਰਹਿੰਦੇ ਹਨ ਉਨ੍ਹਾਂ ਲੋਕਾਂ ਨੇ ਇਸ ਫੇਕ ਨਿਊਜ਼ ਨੂੰ ਆਪਣਾ ਹਥਿਆਰ ਬਣਾ ਲਿਆ। ਸਭ ਤੋਂ ਹੈਰਾਨੀ ਅਤੇ ਅਫ਼ਸੋਸ ਦੀ ਗੱਲ ਹੈ ਕਿ ਲੋਕਾਂ ਨੇ ਵੀ ਬਗ਼ੈਰ ਸੋਚੇ ਸਮਝੇ ਇਸ ਨੂੰ ਸਹੀ ਮੰਨ ਲਿਆ। ਆਪਣੇ ਕਾਨ, ਨੱਕ ਅਤੇ ਦਿਮਾਗ ਦਾ ਇਸਤੇਮਾਲ ਨਹੀਂ ਕੀਤਾ।
ਪਿਛਲੇ ਹਫ਼ਤੇ ਜਦੋਂ ਕੋਰਟ ਨੇ ਰਾਮ ਰਹੀਮ ਨਾਮ ਦੇ ਇਕ ਢੌਂਗੀ ਬਾਬੇ ਨੂੰ ਬਲਾਤਕਾਰ ਦੇ ਮਾਮਲੇ ਵਿਚ ਸਜ਼ਾ ਸੁਣਾਈ ਤਾਂ ਉਸਦੇ ਨਾਲ ਬੀਜੇਪੀ ਦੇ ਆਗੂਆਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਵਿਚ ਵਾਇਰਲ ਹੋਣ ਲੱਗੀਆਂ। ਇਸ ਢੌਂਗੀ ਬਾਬਾ ਦੇ ਨਾਲ ਮੋਦੀ ਦੇ ਨਾਲ-ਨਾਲ ਹਰਿਆਣਾ ਦੇ ਬੀਜੇਪੀ ਵਿਧਾਇਕਾਂ ਦੀਆਂ ਫ਼ੋਟੋ ਅਤੇ ਵੀਡੀਓ ਵਾਇਰਲ ਹੋਣ ਲੱਗੀਆਂ। ਇਸ ਨਾਲ ਬੀਜੇਪੀ ਅਤੇ ਸੰਘ ਪਰਿਵਾਰ ਪੇ੍ਰਸ਼ਾਨ ਹੋ ਗਏ। ਇਸ ਨੂੰ ਕਾਊਂਟਰ ਕਰਨ ਲਈ ਗੁਰਮੀਤ ਬਾਬਾ ਦੇ ਬਗਲ ਵਿਚ ਕੇਰਲਾ ਦੇ ਸੀਪੀਐੱਮ ਦੇ ਮੁੱਖ ਮੰਤਰੀ ਪਿਨਰਾਈ ਵਿਜੇਅਨ ਦੇ ਬੈਠੇ ਹੋਣ ਦੀ ਤਸਵੀਰ ਵਾਇਰਲ ਕਰਵਾ ਦਿੱਤੀ ਗਈ। ਇਹ ਤਸਵੀਰ ਫ਼ੋਟੋਸ਼ਾਪ ਕੀਤੀ ਹੋਈ ਸੀ। ਅਸਲੀ ਤਸਵੀਰ ਵਿਚ ਕਾਂਗਰਸ ਦੇ ਆਗੂ ਓਮਨ ਚਾਂਡੀ ਬੈਠੇ ਹਨ ਲੇਕਿਨ ਉਨ੍ਹਾਂ ਦੇ ਧੜ ਉੱਪਰ ਵਿਜੇਅਨ ਦਾ ਸਿਰ ਲਗਾ ਦਿੱਤਾ ਗਿਆ ਅਤੇ ਸੰਘ ਦੇ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ ਵਿਚ ਫੈਲਾ ਦਿੱਤਾ। ਸ਼ੁਕਰ ਹੈ ਸੰਘ ਦਾ ਇਹ ਤਰੀਕਾ ਕਾਮਯਾਬ ਨਹੀਂ ਹੋਇਆ ਕਿਉਕਿ ਕੁਝ ਲੋਕ ਤੁਰੰਤ ਹੀ ਇਸਦਾ ਅਸਲੀ ਫ਼ੋਟੋ ਕੱਢ ਲਿਆਏ ਅਤੇ ਸੋਸ਼ਲ ਮੀਡੀਆ ਵਿਚ ਸਚਾਈ ਪੇਸ਼ ਕਰ ਦਿੱਤੀ।
ਐਕਚੂਅਲੀ ਪਿਛਲੇ ਸਾਲ ਤਕ ਰਾਸ਼ਟਰੀ ਸੋਇਮਸੇਵਕ ਸੰਘ ਦੇ ਫ਼ੇਕ ਨਿਊਜ਼ ਪ੍ਰਾਪੇਗੰਡਾ ਨੂੰ ਰੋਕਣ ਜਾਂ ਸਾਹਮਣੇ ਲਿਆਉਣ ਵਾਲਾ ਕੋਈ ਨਹੀਂ ਸੀ। ਹੁਣ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਕੰਮ ਵਿਚ ਜੁੱਟ ਗਏ ਹਨ, ਜੋ ਕਿ ਚੰਗੀ ਗੱਲ ਹੈ। ਪਹਿਲਾਂ ਇਸ ਤਰ੍ਹਾਂ ਦੀਆਂ ਫ਼ੇਕ ਨਿਊਜ਼ ਹੀ ਚਲਦੀਆਂ ਰਹਿੰਦੀਆਂ ਸਨ ਲੇਕਿਨ ਹੁਣ ਫ਼ੇਕ ਨਿਊਜ਼ ਦੇ ਨਾਲ-ਨਾਲ ਅਸਲੀ ਨਿਊਜ ਵੀ ਆਉਣੀ ਸ਼ੁਰੂ ਹੋ ਗਈ ਹੈ ਅਤੇ ਲੋਕ ਪੜ੍ਹ ਵੀ ਰਹੇ ਹਨ।
ਮਿਸਾਲ ਦੇ ਲਈ 15 ਅਗਸਤ ਦੇ ਦਿਨ ਜਦੋਂ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਭਾਸ਼ਣ ਦਿੱਤਾ ਤਾਂ ਉਸਦਾ ਇਕ ਵਿਸ਼ਲੇਸ਼ਣ 17 ਅਗਸਤ ਨੂੰ ਖ਼ੂਬ ਵਾਇਰਲ ਹੋਇਆ। ਧਰੁਵ ਰਾਠੀ ਨੇ ਉਸਦਾ ਵਿਸ਼ਲੇਸ਼ਣ ਕੀਤਾ ਸੀ। ਧਰੁਵ ਰਾਠੀ ਦੇਖਣ ਵਿਚ ਕਾਲਜ ਦੇ ਮੁੰਡੇ ਵਰਗਾ ਹੈ ਲੇਕਿਨ ਉਹ ਪਿਛਲੇ ਕਈ ਮਹੀਨਿਆਂ ਤੋਂ ਮੋਦੀ ਦੇ ਝੂਠ ਦੀ ਪੋਲ ਸੋਸ਼ਲ ਮੀਡੀਆ ਵਿਚ ਖੋਲ੍ਹ ਦਿੰਦਾ ਹੈ। ਪਹਿਲਾਂ ਇਹ ਵੀਡੀਓ ਸਾਡੇ ਵਰਗੇ ਲੋਕਾਂ ਨੂੰ ਹੀ ਦਿਸ ਰਿਹਾ ਸੀ, ਆਮ ਆਦਮੀ ਤਕ ਨਹੀਂ ਪਹੁੰਚ ਰਿਹਾ ਸੀ ਲੇਕਿਨ 17 ਅਗਸਤ ਦਾ ਵੀਡੀਓ ਇਕ ਦਿਨ ਵਿਚ ਇਕ ਲੱਖ ਤੋਂ ਜ਼ਿਆਦਾ ਲੋਕਾਂ ਤਕ ਪਹੁੰਚ ਗਿਆ। (ਗੌਰੀ ਲੰਕੇਸ਼ ਅਕਸਰ ਮੋਦੀ ਨੂੰ ਬੂਸੀ ਬਸੀਆ ਲਿਖਿਆ ਕਰਦੀ ਸੀ ਜਿਸਦਾ ਭਾਵ ਹੈ ਜਦੋਂ ਵੀ ਮੂੰਹ ਖੋਲੇਗਾ ਝੂਠ ਹੀ ਬੋਲੇਗਾ)। ਧਰੁਵ ਰਾਠੀ ਨੇ ਦੱਸਿਆ ਕਿ ‘ਬੂਸੀ ਬਸੀਆ’ ਦੀ ਸਰਕਾਰ ਨੇ ਰਾਜ ਸਭਾ ਵਿਚ ਮਹੀਨਾ ਪਹਿਲਾਂ ਕਿਹਾ ਕਿ 33 ਲੱਖ ਨਵੇਂ ਕਰ ਦਾਤਾ ਆਏ ਹਨ। ਉਸ ਤੋਂ ਪਹਿਲਾਂ ਵਿੱਤ ਮੰਤਰੀ ਜੇਟਲੀ ਨੇ 91 ਲੱਖ ਨਵੇਂ ਕਰ ਦਾਤਾਵਾਂ ਦੇ ਜੁੜਨ ਦੀ ਗੱਲ ਕਹੀ ਸੀ। ਅੰਤ ਵਿਚ ਆਰਥਕ ਸਰਵੇ ਵਿਚ ਕਿਹਾ ਗਿਆ ਕਿ ਸਿਰਫ਼ 5 ਲੱਖ 40 ਹਜ਼ਾਰ ਨਵੇਂ ਕਰ ਦਾਤਾ ਜੁੜੇ ਹਨ। ਤਾਂ ਇਸ ਵਿਚ ਕਿਹੜੀ ਗੱਲ ਸੱਚ ਹੈ, ਇਹੀ ਸਵਾਲ ਧਰੁਵ ਰਾਠੀ ਨੇ ਆਪਣੇ ਵੀਡੀਓ ਵਿਚ ਉਠਾਇਆ ਹੈ।
ਅੱਜ ਦਾ ਮੇਨਸਟਰੀਮ ਮੀਡੀਆ ਕੇਂਦਰ ਸਰਕਾਰ ਅਤੇ ਬੀਜੇਪੀ ਦੇ ਦਿੱਤੇ ਅੰਕੜਿਆਂ ਨੂੰ ਹੂ ਬ ਹੂ ਵੇਦ ਦੇ ਸ਼ਲੋਕਾਂ ਦੀ ਤਰ੍ਹਾਂ ਫੈਲਾਉਦਾ ਰਹਿੰਦਾ ਹੈ। ਮੇਨਸਟਰੀਮ ਮੀਡੀਆ ਦੇ ਲਈ ਸਰਕਾਰ ਦਾ ਬੋਲਿਆ ਵੇਦ ਸ਼ਲੋਕ ਬਣ ਗਿਆ ਹੈ। ਉਸ ਵਿਚ ਵੀ ਜੋ ਟੀ ਵੀ ਚੈਨਲ ਹਨ, ਉਹ ਇਸ ਕੰਮ ਵਿਚ ਦਸ ਕਦਮ ਅੱਗੇ ਹਨ। ਮਿਸਾਲ ਵਜੋਂ, ਜਦੋਂ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ ਤਾਂ ਉਸ ਦਿਨ ਬਹੁਤ ਸਾਰੇ ਅੰਗਰੇਜ਼ੀ ਟੀਵੀ ਚੈਨਲਾਂ ਨੇ ਖ਼ਬਰ ਚਲਾਈ ਕਿ ਸਿਰਫ਼ ਇਕ ਘੰਟੇ ਵਿਚ ਟਵਿੱਟਰ ਉੱਪਰ ਰਾਸ਼ਟਰਪਤੀ ਕੋਵਿੰਦ ਦੇ ਫੌਲੋਅਰ ਦੀ ਗਿਣਤੀ 30 ਲੱਖ ਹੋ ਗਈ ਹੈ। ਉਹ ਚੀਕਦੇ ਰਹੇ ਕਿ 30 ਲੱਖ ਵਧ ਗਿਆ ਹੈ, 30 ਲੱਖ ਵਧ ਗਿਆ। ਉਨ੍ਹਾਂ ਦਾ ਮਕਸਦ ਇਹ ਦੱਸਣਾ ਸੀ ਕਿ ਕਿੰਨੇ ਲੋਕ ਕੋਵਿੰਦ ਦੀ ਸੁਪਰੋਟ ਕਰ ਰਹੇ ਹਨ। ਬਹੁਤ ਸਾਰੇ ਟੀ ਵੀ ਚੈਨਲ ਅੱਜ ਰਾਸ਼ਟਰੀ ਸੋਇਮਸੇਵਕ ਸੰਘ ਦੀ ਟੀਮ ਦੀ ਤਰ੍ਹਾਂ ਬਣ ਗਏ ਹਨ। ਸੰਘ ਦਾ ਹੀ ਕੰਮ ਕਰਦੇ ਹਨ। ਜਦੋਂਕਿ ਸੱਚ ਇਹ ਸੀ ਕਿ ਉਸ ਦਿਨ ਰਾਸ਼ਟਰਪਤੀ ਪ੍ਰਣਵ ਮੁਖਰਜੀ ਦਾ ਸਰਕਾਰੀ ਅਕਾਊਂਟ ਨਵੇਂ ਰਾਸ਼ਟਰਪਤੀ ਦੇ ਨਾਮ ਹੋ ਗਿਆ। ਜਦੋਂ ਇਹ ਬਦਲਾਓ ਹੋਇਆ ਤਾਂ ਰਾਸ਼ਟਰਪਤੀ ਭਵਨ ਦੇ ਫੌਲੋਅਰ ਹੁਣ ਕੋਵਿੰਦ ਦੇ ਫੌਲੋਅਰ ਹੋ ਗਏ। ਇਸ ਵਿਚ ਇਕ ਗੱਲ ਹੋਰ ਵੀ ਗ਼ੌਰ ਕਰਨ ਵਾਲੀ ਹੈ ਕਿ ਪ੍ਰਣਵ ਮੁਖਰਜੀ ਨੂੰ ਵੀ ਤੀਹ ਲੱਖ ਤੋਂ ਜ਼ਿਆਦਾ ਲੋਕ ਟਵਿੱਟਰ ਉੱਪਰ ਫੌਲੋ ਕਰਦੇ ਸਨ।
ਅੱਜ ਸੋਇਮਸੇਵਕ ਸੰਘ ਦੇ ਇਸ ਤਰ੍ਹਾਂ ਦੇ ਫੈਲਾਏ ਗਏ ਫ਼ੇਕ ਨਿਊਜ਼ ਦੀ ਸਚਾਈ ਸਾਹਮਣੇ ਲਿਆਉਣ ਲਈ ਬਹੁਤ ਸਾਰੇ ਲੋਕ ਸਾਹਮਣੇ ਆ ਚੁੱਕੇ ਹਨ। ਧਰੁਵ ਰਾਠੀ ਵੀਡੀਓ ਦੇ ਮਾਧਿਅਮ ਨਾਲ ਇਹ ਕੰਮ ਕਰ ਰਹੇ ਹਨ। ਪ੍ਰਤੀਕ ਨਾਮ ਦੀ ਵੈੱਬਸਾਈਟ ਦੁਆਰਾ ਇਹ ਕੰਮ ਕਰ ਰਹੇ ਹਨ। ਹੋਕਸ ਸਲੇਅਰ, ਬੂਮ ਐਂਡ ਫੈਕਟ ਚੈੱਕ ਨਾਮ ਦੀਆਂ ਵੈੱਬਸਾਈਟ ਵੀ ਇਹੀ ਕੰਮ ਕਰ ਰਹੀਆਂ ਹਨ। ਨਾਲ ਦੀ ਨਾਲ ., ., ., . ਵਰਗੀਆਂ ਵੈੱਬਸਾਈਟ ਵੀ ਸਰਗਰਮ ਹਨ। ਮੈਂ ਜਿਨ੍ਹਾਂ ਲੋਕਾਂ ਦੇ ਨਾਂ ਦੱਸੇ ਹਨ, ਉਨ੍ਹਾਂ ਸਾਰਿਆਂ ਨੇ ਹਾਲ ਹੀ ਵਿਚ ਕਈ ਫ਼ੇਕ ਨਿਊਜ਼ ਦੀ ਸਚਾਈ ਉਜਾਗਰ ਕੀਤੀ ਹੈ। ਇਨ੍ਹਾਂ ਦੇ ਕੰਮ ਨਾਲ ਸੰਘ ਦੇ ਲੋਕ ਕਾਫ਼ੀ ਪ੍ਰੇਸ਼ਾਨ ਹੋ ਗਏ ਹਨ। ਇਸ ਵਿਚ ਹੋਰ ਵੀ ਮਹੱਤਵ ਦੀ ਗੱਲ ਇਹ ਹੈ ਕਿ ਇਹ ਲੋਕ ਪੈਸੇ ਦੇ ਲਈ ਕੰਮ ਨਹੀਂ ਕਰ ਰਹੇ ਹਨ। ਇਨ੍ਹਾਂ ਦਾ ਇਕ ਹੀ ਮਕਸਦ ਹੈ ਕਿ ਫਾਸ਼ਿਸਟ ਲੋਕਾਂ ਦੇ ਝੂਠ ਦੀ ਫੈਕਟਰੀ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ।
ਕੁਝ ਹਫ਼ਤੇ ਪਹਿਲਾਂ ਬੰਗਲੁਰੂ ਵਿਚ ਜ਼ੋਰਦਾਰ ਬਾਰਿਸ਼ ਹੋਈ। ਉਸ ਵਕਤ ਉੱਪਰ ਸੰਘ ਦੇ ਲੋਕਾਂ ਨੇ ਇਕ ਫ਼ੋਟੋ ਵਾਇਰਲ ਕੀਤਾ। ਕੈਪਸ਼ਨ ਵਿਚ ਲਿਖਿਆ ਸੀ ਕਿ ਨਾਸਾ ਨੇ ਮੰਗਲ ਗ੍ਰਹਿ ਉੱਪਰ ਲੋਕਾਂ ਦੇ ਘੁੰਮਦੇ ਹੋਣ ਦਾ ਫ਼ੋਟੋ ਜਾਰੀ ਕੀਤਾ ਹੈ। ਬੰਗਲੁਰੂ ਨਗਰਪਾਲਿਕਾ ਬੀਬੀਐੱਮਸੀ ਨੇ ਬਿਆਨ ਦਿੱਤਾ ਕਿ ਇਹ ਮੰਗਲ ਗ੍ਰਹਿ ਦਾ ਫ਼ੋਟੋ ਨਹੀਂ ਹੈ। ਸੰਘ ਦਾ ਮਕਸਦ ਸੀ, ਮੰਗਲ ਗ੍ਰਹਿ ਦਾ ਦੱਸਕੇ ਬੰਗਲੁਰੂ ਦਾ ਮਜ਼ਾਕ ਉਡਾਉਣਾ। ਜਿਸ ਤੋਂ ਲੋਕ ਇਹ ਸਮਝਣ ਕਿ ਬੰਗਲੁਰੂ ਵਿਚ ਸਿਦਾਰਮੱਈਆ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ, ਇੱਥੋਂ ਦੇ ਰਸਤੇ ਖ਼ਰਾਬ ਹੋ ਗਏ ਹਨ, ਇਸ ਦੇ ਪ੍ਰਾਪੇਗੰਡਾ ਕਰਕੇ ਝੂਠੀ ਖ਼ਬਰ ਫੈਲਾਉਣਾ ਸੰਘ ਦਾ ਮਕਸਦ ਸੀ। ਲੇਕਿਨ ਇਹ ਉਨ੍ਹਾਂ ਨੂੰ ਮਹਿੰਗਾ ਪਿਆ ਸੀ ਕਿਉਕਿ ਫ਼ੋਟੋ ਬੰਗਲੁਰੂ ਦੀ ਨਹੀਂ, ਮਹਾਰਾਸ਼ਟਰ ਦੀ ਸੀ, ਜਿਥੇ ਭਾਜਪਾ ਦੀ ਸਰਕਾਰ ਹੈ।
ਹਾਲ ਹੀ ਵਿਚ ਪੱਛਮੀ ਬੰਗਾਲ ਵਿਚ ਜਦੋਂ ਦੰਗੇ ਹੋਏ ਤਾਂ ਆਰ ਐੱਸ ਐੱਸ. ਦੇ ਲੋਕਾਂ ਨੇ ਦੋ ਪੋਸਟਰ ਜਾਰੀ ਕੀਤੇ। ਇਕ ਪੋਸਟਰ ਦਾ ਕੈਪਸ਼ਨ ਸੀ , ਬੰਗਾਲ ਜਲ ਰਿਹਾ ਹੈ,ਉਸ ਵਿਚ ਪ੍ਰਾਪਰਟੀ ਦੇ ਸੜਨ ਦੀ ਤਸਵੀਰ ਸੀ। ਦੂਸਰੇ ਫ਼ੋਟੋ ਵਿਚ ਇਕ ਔਰਤ ਦਾ ਸਾੜੀ ਖਿੱਚੀ ਜਾ ਰਹੀ ਸੀ ਅਤੇ ਕੈਪਸ਼ਨ ਹੈ ਬੰਗਾਲ ਵਿਚ ਹਿੰਦੂ ਔਰਤਾਂ ਦੇ ਨਾਲ ਜ਼ੁਲਮ ਹੋ ਰਿਹਾ ਹੈ। ਬਹੁਤ ਛੇਤੀ ਹੀ ਇਸ ਫ਼ੋਟੋ ਦਾ ਸੱਚ ਸਾਹਮਣੇ ਆ ਗਿਆ। ਪਹਿਲੀ ਤਸਵੀਰ 2002 ਦੇ ਗੁਜਰਾਤ ਦੰਗਿਆਂ ਦੀ ਸੀ ਜਦੋਂ ਮੁੱਖ ਮੰਤਰੀ ਮੋਦੀ ਹੀ ਸਰਕਾਰ ਵਿਚ ਸਨ। ਦੂਸਰੀ ਤਸਵੀਰ ਵਿਚ ਭੋਜਪੁਰੀ ਸਿਨੇਮਾ ਦੇ ਇਕ ਸੀਨ ਦੀ ਸੀ।
ਸਿਰਫ਼ ਆਰ ਐੱਸ ਐੱਸ ਹੀ ਨਹੀਂ ਬੀਜੇਪੀ ਦੇ ਕੇਂਦਰੀ ਮੰਤਰੀ ਵੀ ਐਸੇ ਫ਼ੇਕ ਨਿਊਜ਼ ਫੈਲਾਉਣ ਵਿਚ ਮਾਹਰ ਹਨ। ਮਿਸਾਲ ਵਜੋਂ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਫ਼ੋਟੋ ਸ਼ੇਅਰ ਕੀਤੀ ਜਿਸ ਵਿਚ ਕੁਝ ਲੋਕ ਤਿਰੰਗੇ ਨੂੰ ਅੱਗ ਲਗਾ ਰਹੇ ਸਨ। ਫ਼ੋਟੋ ਦੀ ਕੈਪਸ਼ਨ ਉੱਪਰ ਲਿਖਿਆ ਸੀ - ਗਣਤੰਤਰ ਦੇ ਦਿਵਸ ਹੈਦਰਾਬਾਦ ਵਿਚ ਤਿਰੰਗੇ ਨੂੰ ਅੱਗ ਲਗਾਈ ਜਾ ਰਹੀ ਹੈ। ਹੁਣ ਗੂਗਲ ਇਮੇਜ ਸਰਚ ਇਕ ਨਵਾਂ ਐਪਲੀਕੇਸ਼ਨ ਆਇਆ ਹੈ, ਉਸ ਵਿਚ ਤੁਸੀਂ ਕਿਸੇ ਵੀ ਤਸਵੀਰ ਨੂੰ ਪਾਕੇ ਜਾਣ ਸਕਦੇ ਹੋ ਕਿ ਇਹ ਕਿੱਥੇ ਦੀ ਅਤੇ ਕਦੋਂ ਦੀ ਹੈ। ਪ੍ਰਤੀਕ ਸਿਨਹਾ ਨੇ ਇਹੀ ਕੰਮ ਕੀਤਾ ਅਤੇ ਉਸ ਐਪਲੀਕੇਸ਼ਨ ਦੇ ਜ਼ਰੀਏ ਗਡਕਰੀ ਦੀ ਸ਼ੇਅਰ ਕੀਤੀ ਫ਼ੋਟੋ ਦੀ ਸਚਾਈ ਉਜਾਗਰ ਕਰ ਦਿੱਤੀ। ਪਤਾ ਲੱਗਿਆ ਕਿ ਇਹ ਫ਼ੋਟੋ ਹੈਦਰਾਬਾਦ ਦੀ ਨਹੀਂ, ਪਾਕਿਸਤਾਨ ਦੀ ਹੈ ਜਿਥੇ ਇਕ ਪਾਬੰਦੀਸ਼ੁਦਾ ਕੱਟੜਪੰਥੀ ਜਥੇਬੰਦੀ ਭਾਰਤ ਦੇ ਵਿਰੋਧ ਵਿਚ ਤਿਰੰਗੇ ਨੂੰ ਸਾੜ ਰਹੀ ਹੈ।
ਇਸੇ ਤਰ੍ਹਾਂ ਇਕ ਟੀ ਵੀ ਚੈਨਲ ਦੀ ਡਿਸਕਸ਼ਨ ਵਿਚ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸਰਹੱਦ ਉੱਪਰ ਫ਼ੌਜੀਆਂ ਨੂੰ ਤਿਰੰਗਾ ਲਹਿਰਾਉਣ ਵਿਚ ਕਿੰਨੀਆਂ ਮੁਸ਼ਕਲਾਂ ਆਉਦੀਆਂ ਹਨ, ਫਿਰ ਜੇ ਐੱਨ ਯੂ ਵਰਗੀਆਂ ਯੂਨੀਵਰਸਿਟੀਆਂ ਵਿਚ ਤਿਰੰਗਾ ਲਹਿਰਾਉਣ ਵਿਚ ਕੀ ਸਮੱਸਿਆ ਹੈ। ਇਹ ਸਵਾਲ ਪੁੱਛਕੇ ਸੰਬਿਤ ਨੇ ਇਕ ਤਸਵੀਰ ਦਿਖਾਈ। ਬਾਦ ਵਿਚ ਪਤਾ ਲੱਗਿਆ ਕਿ ਇਹ ਇਕ ਮਸ਼ਹੂਰ ਤਸਵੀਰ ਹੈ ਪਰ ਇਸ ਵਿਚ ਭਾਰਤੀ ਨਹੀਂ, ਅਮਰੀਕੀ ਫ਼ੌਜੀ ਹਨ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਅਮਰੀਕੀ ਫ਼ੌਜੀਆਂ ਨੇ ਜਦੋਂ ਜਪਾਨ ਦੇ ਇਕ ਦੀਪ ਉੱਪਰ ਕਬਜ਼ਾ ਕੀਤਾ ਤਾਂ ਉਨ੍ਹਾਂ ਨੇ ਆਪਣਾ ਝੰਡਾ ਲਹਿਰਾਇਆ ਸੀ। ਪਰ ਫ਼ੋਟੋਸ਼ਾਪ ਦੇ ਜ਼ਰੀਏ ਸੰਬਿਤ ਪਾਤਰਾ ਲੋਕਾਂ ਨੂੰ ਧੋਖਾ ਦੇ ਰਹੇ ਸਨ। ਲੇਕਿਨ ਇਹ ਉਨ੍ਹਾਂ ਨੂੰ ਕਾਫ਼ੀ ਮਹਿੰਗਾ ਪਿਆ। ਟਵਿੱਟਰ ਉੱਪਰ ਸੰਬਿਤ ਪਾਤਰਾ ਦਾ ਲੋਕਾਂ ਨੇ ਕਾਫ਼ੀ ਮਜ਼ਾਕ ਉਡਾਇਆ।
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਹਾਲ ਹੀ ਵਿਚ ਇਕ ਤਸਵੀਰ ਸਾਂਝੀ ਕੀਤੀ। ਲਿਖਿਆ ਕਿ ਭਾਰਤ 50,000 ਕਿਲੋਮੀਟਰ ਰਸਤਿਆਂ ਉੱਪਰ ਸਰਕਾਰ ਨੇ ਤੀਹ ਲੱਖ ਐੱਲ ਈ ਡੀ ਬਲਬ ਲਗਾ ਦਿੱਤੇ ਹਨ। ਪਰ ਜੋ ਤਸਵੀਰ ਉਨ੍ਹਾਂ ਨੇ ਲਗਾਈ ਉਹ ਫੇਕ ਨਿਕਲੀ। ਇਹ ਭਾਰਤ ਦੀ ਨਹੀਂ, 2009 ਵਿਚ ਜਪਾਨ ਦੀ ਤਸਵੀਰ ਸੀ। ਇਸੇ ਗੋਇਲ ਨੇ ਪਹਿਲਾਂ ਵੀ ਇਕ ਟਵੀਟ ਕੀਤਾ ਸੀ ਕਿ ਕੋਲੇ ਦੀ ਸਪਲਾਈ ਵਿਚ ਸਰਕਾਰ ਨੇ 25,000 ਕਰੋੜ ਦੀ ਬਚਤ ਕੀਤੀ ਹੈ। ਉਸ ਟਵੀਟ ਦੀ ਤਸਵੀਰ ਵੀ ਝੂਠੀ ਨਿਕਲੀ।
ਛੱਤੀਸਗੜ੍ਹ ਦੇ ਪੀ ਡਬਲਯੂ ਡੀ ਮੰਤਰੀ ਰਾਜੇਸ਼ ਮੂਣਤ ਨੇ ਇਕ ਪੁਲ ਦੀ ਫ਼ੋਟੋ ਸ਼ੇਅਰ ਕੀਤੀ। ਆਪਣੀ ਸਰਕਾਰ ਦੀ ਕਾਮਯਾਬੀ ਦੱਸੀ। ਉਸ ਟਵੀਟ ਨੂੰ 2000 ਲਾਈਕ ਮਿਲੇ। ਬਾਦ ਵਿਚ ਪਤਾ ਲੱਗਿਆ ਕਿ ਉਹ ਤਸਵੀਰ ਛੱਤੀਸਗੜ੍ਹ ਦੀ ਨਹੀਂ ਵੀਅਤਨਾਮ ਦੀ ਹੈ।
ਐਸੇ ਫ਼ੇਕ ਨਿਊਜ਼ ਫੈਲਾਉਣ ਵਿਚ ਸਾਡੇ ਕਰਨਾਟਕਾ ਦੇ ਆਰ ਐੱਸ ਐੱਸ ਅਤੇ ਬੀਜੇਪੀ ਦੇ ਆਗੂ ਵੀ ਕੋਈ ਘੱਟ ਨਹੀਂ ਹਨ। ਕਰਨਾਟਕਾ ਦੇ ਸਾਂਸਦ ਪ੍ਰਤਾਪ ਸਿਨਹਾ ਨੇ ਇਕ ਰਿਪੋਰਟ ਸ਼ੇਅਰ ਕੀਤੀ, ਕਿਹਾ ਕਿ ਇਹ ਟਾਈਮਜ਼ ਆਫ ਇੰਡੀਆ ਵਿਚ ਆਈ ਹੈ। ਉਸਦੀ ਹੈੱਡਲਾਈਨ ਇਹ ਸੀ ਕਿ ਹਿੰਦੂ ਕੁੜੀ ਨੂੰ ਮੁਸਲਮਾਨ ਨੇ ਚਾਕੂ ਮਾਰਕੇ ਹੱਤਿਆ ਕਰ ਦਿੱਤੀ। ਦੁਨੀਆ ਭਰ ਨੂੰ ਨੈਤਿਕਤਾ ਦਾ ਗਿਆਨ ਦੇਣ ਵਾਲੇ ਪ੍ਰਤਾਪ ਸਿਨਹਾ ਨੇ ਸਚਾਈ ਜਾਨਣ ਦੀ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਵੀ ਅਖ਼ਬਾਰ ਨੇ ਇਹ ਨਿਊਜ਼ ਨਹੀਂ ਛਾਪੀ ਸੀ ਬਲਕਿ ਫ਼ੋਟੋਸ਼ਾਪ ਦੇ ਜ਼ਰੀਏ ਕਿਸੇ ਹੋਰ ਨਿਊਜ਼ ਵਿਚ ਹੈੱਡਲਾਈਨ ਲਗਾ ਦਿੱਤੀ ਗਈ ਸੀ ਅਤੇ ਹਿੰਦੂ ਮੁਸਲਿਮ ਰੰਗਤ ਦੇ ਦਿੱਤੀ ਗਈ। ਇਸ ਦੇ ਲਈ ਟਾਈਮਜ਼ ਆਫ ਇੰਡੀਆ ਦਾ ਨਾਮ ਇਸਤੇਮਾਲ ਕੀਤਾ ਗਿਆ। ਜਦੋਂ ਹੰਗਾਮਾ ਹੋਇਆ ਕਿ ਇਹ ਤਾਂ ਫ਼ੇਕ ਨਿਊਜ਼ ਹੈ ਤਾਂ ਸਾਂਸਦ ਦੇ ਡਿਲੀਟ ਕਰ ਦਿੱਤੀ ਪਰ ਮਾਫ਼ੀ ਨਹੀਂ ਮੰਗੀ। ਫਿਰਕੂ ਝੂਠ ਫੈਲਾਉਣ ਉੱਪਰ ਕੋਈ ਪਛਤਾਵਾ ਜ਼ਾਹਿਰ ਨਹੀਂ ਕੀਤਾ।
ਜਿਵੇਂ ਕਿ ਮੇਰੇ ਦੋਸਤ ਵਾਸੂ ਨੇ ਇਸ ਵਾਰ ਦੇ ਕਾਲਮ ਵਿਚ ਲਿਖਿਆ ਹੈ, ਮੈਂ ਵੀ ਬਿਨਾ ਸਮਝੇ ਇਕ ਫ਼ੇਕ ਨਿਊਜ਼ ਸ਼ੇਅਰ ਕਰ ਦਿੱਤੀ। ਪਿਛਲੇ ਐਤਵਾਰ ਪਟਨਾ ਦੀ ਆਪਣੀ ਰੈਲੀ ਦੀ ਤਸਵੀਰ ਲਾਲੂ ਯਾਦਵ ਨੇ ਫ਼ੋਟੋਸ਼ਾਪ ਕਰਕੇ ਸਾਂਝੀ ਕਰ ਦਿੱਤੀ। ਥੋੜ੍ਹੀ ਦੇਰ ਵਿਚ ਦੋਸਤ ਸ਼ਸ਼ੀਧਰ ਨੇ ਦੱਸਿਆ ਕਿ ਇਹ ਫ਼ੋਟੋ ਫਰਜ਼ੀ ਹੈ। ਨਕਲੀ ਹੈ। ਮੈਂ ਤੁਰੰਤ ਹਟਾ ਦਿੱਤੀ ਅਤੇ ਗ਼ਲਤੀ ਵੀ ਮੰਨੀ। ਇਹੀ ਨਹੀਂ ਫ਼ੇਕ ਅਤੇ ਅਸਲੀ ਤਸਵੀਰ ਦੋਨਾਂ ਨੂੰ ਇਕੱਠੀਆਂ ਛਾਪਕੇ ਟਵੀਟ ਕੀਤਾ। ਇਸ ਗ਼ਲਤੀ ਦੇ ਪਿੱਛੇ ਮਨਸ਼ਾ ਫਿਰਕੂ ਤੌਰ ’ਤੇ ਭੜਕਾਉਣ ਜਾਂ ਪ੍ਰਾਪੇਗੰਡਾ ਕਰਨ ਦੀ ਨਹੀਂ ਸੀ। ਫਾਸ਼ਿਸਟਾਂ ਦੇ ਖ਼ਿਲਾਫ਼ ਲੋਕ ਜੁੜ ਰਹੇ ਸਨ, ਇਸਦਾ ਸੰਦੇਸ਼ ਦੇਣਾ ਹੀ ਮੇਰਾ ਮਕਸਦ ਸੀ। ਫਾਈਨਲੀ, ਜੋ ਵੀ ਫ਼ੇਕ ਨਿਊਜ਼ ਨੂੰ ਐਕਸਪੋਜ਼ ਕਰਦੇ ਹਨ, ਉਨ੍ਹਾਂ ਨੂੰ ਸਲਾਮ। ਮੇਰੀ ਖ਼ਵਾਇਸ਼ ਹੈ ਕਿ ਉਨ੍ਹਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੋਵੇ।

No comments:

Post a Comment