Friday, January 5, 2018

ਮਜ਼ਦੂਰ ਸੰਗਠਨ ਸੰਮਤੀ ਉੱਪਰ ਲਾਈ ਪਾਬੰਦੀ ਵਾਪਸ ਲਈ ਜਾਵੇ - ਜਮਹੂਰੀ ਅਧਿਕਾਰ ਸਭਾ

ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ  ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਝਾਰਖੰਡ ਸਰਕਾਰ ਵਲੋਂ ਮਜ਼ਦੂਰ ਸੰਗਠਨ ਸੰਮਤੀ ਉੱਪਰ ਪਾਬੰਦੀ ਲਗਾਕੇ ਇਸ ਨੂੰ ਗ਼ੈਰਕਾਨੂੰਨੀ ਕਰਾਰ ਦਿੱਤੇ ਜਾਣ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ ਅਤੇ ਸਮੂਹ ਜਮਹੂਰੀ ਤੇ ਇਨਸਾਫ਼ਪਸੰਦ ਤਾਕਤਾਂ ਨੂੰ ਹਕੂਮਤ ਦੇ ਇਸ ਫਾਸ਼ੀਵਾਦੀ ਫ਼ੁਰਮਾਨ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਮਜ਼ਦੂਰਾਂ ਦੀ ਇਸ ਰਜਿਟਰਡ ਜਥੇਬੰਦੀ ਦੀ ਸਥਾਪਨਾ ਮਸ਼ਹੂਰ ਜਮਹੂਰੀ ਕਾਰਕੁੰਨ ਐਡਵੋਕੇਟ ਸੱਤਿਆਨਰਾਇਣ ਭੱਟਾਚਾਰੀਆ ਵਲੋਂ 1985 ਵਿਚ ਕੀਤੀ ਗਈ ਸੀ ਅਤੇ ਇਸ ਦੇ 22000 ਤੋਂ ਵੱਧ ਮਜ਼ਦੂਰ ਮੈਂਬਰ ਹਨ। ਮਜ਼ਦੂਰ ਸੰਗਠਨ ਸੰਮਤੀ ਝਾਰਖੰਡ ਦੇ ਕੋਲਾ ਖਾਣ ਮਜ਼ਦੂਰਾਂ, ਥਰਮਲ ਪਾਵਰ ਪਲਾਂਟ ਮਜ਼ਦੂਰਾਂ, ਗ਼ੈਰਜਥੇਬੰਦ ਖੇਤਰ ਦੇ ਮਜ਼ਦੂਰਾਂ, ਖੇਤ ਮਜ਼ਦੂਰਾਂ ਸਮੇਤ ਮਜ਼ਦੂਰ ਵਰਗ ਦੇ ਵਿਸ਼ਾਲ ਹਿੱਸਿਆਂ ਦੇ ਹਿਤਾਂ ਲਈ ਤਿੰਨ ਦਹਾਕਿਆਂ ਤੋਂ ਸੰਘਰਸ਼ਸ਼ੀਲ ਹੈ ਅਤੇ ਇਸਨੇ ਜਮਹੂਰੀ ਤਰੀਕੇ ਨਾਲ ਮਜ਼ਦੂਰਾਂ ਨੂੰ ਜਥੇਬੰਦ ਕਰਕੇ ਉਹਨਾਂ ਦੇ ਹੱਕ ਦਿਵਾਉਣ ਲਈ ਗਿਣਨਯੋਗ ਕੰਮ ਕੀਤਾ ਹੈ। ਐਨੇ ਵਿਆਪਕ ਜਨਤਕ ਅਧਾਰ ਵਾਲੀ ਅਤੇ ਮਜ਼ਦੂਰ ਹਿਤਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਨੂੰ ਗ਼ੈਰਕਾਨੂੰਨੀ ਕਰਾਰ ਦੇਣਾ ਜਮਹੂਰੀ ਹੱਕਾਂ ਦਾ ਘਾਣ ਹੈ ਜਿਸਦੇ ਪਿੱਛੇ ਮਜ਼ਦੂਰਾਂ ਦੀ ਜਥੇਬੰਦਕ ਹੱਕ ਜਤਾਈ ਨੂੰ ਕੁਚਲਣ ਦੀ ਹਾਕਮ ਜਮਾਤੀ ਮਨਸ਼ਾ ਕੰਮ ਕਰਦੀ ਹੈ। ਇਹ ਨਾਗਰਿਕਾਂ ਦੇ ਆਪਣੇ ਹਿਤਾਂ ਲਈ ਜਥੇਬੰਦ ਹੋਣ ਅਤੇ ਆਪਣੀ ਜ਼ਿੰਦਗੀ ਨੂੰ ਜਿਊਣਯੋਗ ਬਣਾਉਣ ਲਈ ਸੰਘਰਸ਼ ਦੇ ਹੱਕ ਉੱਪਰ ਸੱਤਾ ਦਾ ਹਮਲਾ ਹੈ ਜਿਸਦੀ ਗਾਰੰਟੀ ਸੰਵਿਧਾਨ ਵਿਚ ਕੀਤੀ ਗਈ ਹੈ।
ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਸੰਮਤੀ ਨੂੰ ਗ਼ੈਰਕਾਨੂੰਨੀ ਐਲਾਨੇ ਜਾਣ ਦਾ ਫ਼ੁਰਮਾਨ ਵਾਪਸ ਲਿਆ ਜਾਵੇ। ਲੋਕ ਜਥੇਬੰਦੀਆਂ ਨੂੰ ਗ਼ੈਰਕਾਨੂੰਨੀ ਕਰਾਰ ਦੇਣ ਦੀ ਤਾਨਾਸ਼ਾਹ ਨੀਤੀ ਬੰਦ ਕੀਤੀ ਜਾਵੇ। ਜਮਹੂਰੀ ਹੱਕਾਂ ਦਾ ਘਾਣ ਬੰਦ ਕਰਕੇ ਆਰਥਕ-ਸਿਆਸੀ ਮਸਲਿਆਂ ਦਾ ਸਿਆਸੀ ਹੱਲ ਕਰਨ ਦੀ ਪਹੁੰਚ ਅਖ਼ਤਿਆਰ ਕੀਤੀ ਜਾਵੇ। ਸੰਮਤੀ ਦੇ 10 ਅਹੁਦੇਦਾਰਾਂ ਦੇ ਖ਼ਿਲਾਫ਼ ਦਰਜ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ।
ਮਿਤੀ: 30 ਦਸੰਬਰ 2017
ਬੂਟਾ ਸਿੰਘ
ਪ੍ਰੈੱਸ ਸਕੱਤਰ

ਮਹਾਰਾਸ਼ਟਰ ਵਿਚ ਦਲਿਤਾਂ ਵਿਰੁੱਧ ਹਿੰਸਾ ਸੰਘ ਪਰਿਵਾਰ ਦੀ ਸੋਚੀ-ਸਮਝੀ ਸਾਜ਼ਿਸ਼ - ਜਮਹੂਰੀ ਅਧਿਕਾਰ ਸਭਾ

ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਪੁਣੇ (ਮਹਾਰਾਸ਼ਟਰ) ਵਿਚ ਭੀਮਾ-ਕੋਰੇਗਾਓਂ ਲੜਾਈ ਦੀ 200 ਸਾਲਾ ਬਰਸੀ ਮਨਾ ਰਹੇ ਦਲਿਤਾਂ ਉੱਪਰ ਹਿੰਦੂਤਵੀ ਜਥੇਬੰਦੀਆਂ ਵਲੋਂ ਹਿੰਸਕ ਹਮਲੇ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਮਹਾਰਾਸ਼ਟਰ ਦੇ ਦਲਿਤ, ਜਿਹਨਾਂ ਨਾਲ ਉਦੋਂ ਬ੍ਰਾਹਮਣਵਾਦੀ ਪੇਸ਼ਵਾ ਰਾਜ ਵਿਚ ਪਸ਼ੂਆਂ ਵਰਗਾ ਸਲੂਕ ਕੀਤਾ ਜਾਂਦਾ ਸੀ , ਅਤੇ ਬੇਹਥਿਆਰੇ ਰੱਖਕੇ ਨਿਰਬਲ ਰੱਖਿਆ ਜਾਂਦਾ ਸੀ। ਅਤੇ ਜਿਹਨਾਂ ਨੇ ਇਸ ਜਾਤਪਾਤੀ ਦਾਬੇ ਤੋਂ ਨਾਬਰ ਹੋਕੇ ਈਸਟ ਇੰਡੀਆ ਕੰਪਨੀ ਦੀ ਫ਼ੌਜ ਵਿਚ ਭਰਤੀ ਹੋਕੇ ਬ੍ਰਾਹਮਣਵਾਦੀ ਰਾਜ ਦੇ ਖ਼ਿਲਾਫ਼ ਲੜਾਈ ਲੜੀ ਸੀ ਅਤੇ ਬਹੁਤ ਬਹਾਦਰੀ ਦਿਖਾਉਦੇ ਹੋਏ ਸ਼ਹਾਦਤਾਂ ਦਿੱਤੀਆਂ ਸਨ ਇਸ ਬਹਾਦਰੀ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਸਮੇਂ ਤੋਂ ਹਰ ਸਾਲ ਬਹਾਦਰੀ ਦਿਵਸ ਦੇ ਤੌਰ ’ਤੇ ਮਨਾਉਦੇ ਆ ਰਹੇ ਹਨ। ਇਸ ਇਤਿਹਾਸਕ ਸੂਰਬੀਰਤਾ ਅਤੇ ਬ੍ਰਾਹਮਣਵਾਦੀ ਪੇਸ਼ਵਾ ਰਾਜ ਦੀ ਹਾਰ ਉੱਪਰ ਫ਼ਖ਼ਰ ਮਹਿਸੂਸ ਕਰਨਾ ਜਾਇਜ਼ ਹੈ ਕਿਉਂਕਿ ਅੱਜ ਵੀ ਦਲਿਤਾਂ ਨਾਲ ਪੂਰੇ ਦੇਸ਼ ਵਿਚ ਜਾਤਪਾਤੀ ਵਿਤਕਰਾ ਅਤੇ ਜ਼ੁਲਮ ਬਾਦਸਤੂਰ ਜਾਰੀ ਹਨ। ਉੱਚਜਾਤੀ ਹੰਕਾਰ ਵਿਚ ਪੂਰੀ ਤਰ੍ਹਾਂ ਗ੍ਰਸਤ ਹਿੰਦੂਤਵੀ ਜਥੇਬੰਦੀਆਂ ‘ਸਮੱਸਤ ਹਿੰਦੂ ਅਗ਼ਾਡੀ’ ਅਤੇ ‘ਸ਼ਿਵ ਪ੍ਰਤਿਸ਼ਠਾਨ ਹਿੰਦੁਸਤਾਨ’ ਵਲੋਂ ਇਸ ਸਾਲਾਨਾ ਸਮਾਗਮ ਦੇ ਖ਼ਿਲਾਫ਼ ਕੀਤੀ ਯੋਜਨਾਬੱਧ ਹਿੰਸਾ ਦਰਸਾਉਦੀ ਹੈ ਕਿ ਇਹ ਤਾਕਤਾਂ ਨਾ ਸਿਰਫ਼ ਦਲਿਤਾਂ ਉੱਪਰ ਜਾਤਪਾਤੀ ਧੌਂਸ ਥੋਪਣ ਲਈ ਬਹਾਨੇ ਤਲਾਸ਼ਦੀਆਂ ਹਨ ਸਗੋਂ ਪੇਸ਼ਵਾ ਰਾਜ ਦੀ ਹਾਰ ਨੂੰ ਰਾਸ਼ਟਰਵਾਦ ਦਾ ਮੁੱਦਾ ਬਣਾਕੇ ਆਪਣੇ ਹਿੰਦੂਤਵੀ ਮਨਸੂਬਿਆਂ ਅਨੁਸਾਰ ਫਿਰਕੂ ਅਤੇ ਜਾਤਪਾਤੀ ਨਫ਼ਰਤ ਫੈਲਾਉਣ ਲਈ ਬੇਸ਼ਰਮੀ ਨਾਲ ਵਰਤ ਰਹੀਆਂ ਹਨ। ਇਹੀ ਕਾਰਣ ਹੈ ਕਿ ਇਸ ਜਸ਼ਨ ਦੇ ਦੋ ਦਿਨ ਪਹਿਲਾਂ ਗੋਬਿੰਦ ਗੋਪਾਲ ਮਹਾਰ ਗਾਇਕਵਾੜ ਦੀ ਯਾਦਗਾਰ ਦੀ ਤੋੜ ਫੋੜ ਕਰਕੇ ਸ਼ਰਾਰਤ ਕੀਤੀ ਗਈ। ਜਦ ਕਿ ਇਸ ਮਹਾਨ ਦਲਿਤ ਦਾ ਮਜਾਰ ਸ਼ਿਵਾਜੀ ਦੇ ਬੇਟੇ ਸ਼ਾਂਬਾ ਜੀ ਦੀ ਯਾਦਗਾਰ ਨਾਲ ਇਸ ਕਰਕੇ ਬਣਾਇਆ ਗਿਆ ਕਿ ਉਸ ਨੇ ਮੁਗਲ ਫ਼ਰਮਾਨ ਦੇ ਉੁਲਟ ਸ਼ਾਂਬਾ ਜੀ ਦਾ ਸਸਕਾਰ ਕੀਤਾ ਸੀ ਤੇ ਬਾਅਦ ਵਿਚ ਅੰਗਰੇਜ ਕੰਪਨੀ ਨੇ ਉਸ ਨੂੰ ਸ਼ਹੀਦ ਕੀਤਾ ਸੀ। ਇਸ ਇਤਿਹਾਸਕ ਸਚਾਈ ਨੂੰ ਮਿਟਾਕੇ ਹਿੰਦੂਤਵੀ ਤਾਕਤਾਂ ਦੀ ਨਫ਼ਰਤ ਦੀ ਰਾਜਨੀਤੀ ਨੂੰ ਹਵਾ ਦੇਣ ਦੀ ਸਾਜਿਸ਼ ਹੈ। ਇਹ ਦਲਿਤਾਂ ਦੀ ਹਿੰਦੂਆਂ ਵਿਰੁੱਧ ਹਿੰਸਾ ਨਹੀਂ ਜਿਵੇਂ ਕਿ ਮੀਡੀਏ ਦੇ ਇਕ ਹਿੱਸੇ ਵਿਚ ਇਸ ਦੀ ਗ਼ਲਤ ਤਸਵੀਰ ਪੇਸ਼ ਕੀਤੀ ਹੈ, ਇਹ ਜਾਤਪਾਤੀ ਧੌਂਸ ਵਿਰੁੱਧ ਦਲਿਤ ਸਮਾਜ ਦੀ ਸਮਾਜਿਕ ਬਰਾਬਰੀ ਲਈ ਰੀਝ ਦਾ ਇਜ਼ਹਾਰ ਹੈ ਜੋ ਸਦੀਆਂ ਤੋਂ ਉੱਚ ਜਾਤੀ ਦਾਬੇ ਅਤੇ ਜ਼ੁਲਮਾਂ ਦਾ ਸੰਤਾਪ ਝੱਲ ਰਹੇ ਹਨ ਅਤੇ ਮੌਜੂਦਾ ਕਾਰਪੋਰੇਟ ਪੱਖੀ ਆਰਥਕ ਮਾਡਲ ਦਲਿਤ ਸਮੂਹਾਂ ਨੂੰ ਹੋਰ ਵੀ ਘੋਰ ਬੇਕਾਰੀ ਦੇ ਮੂੰਹ ਧੱਕਕੇ ਉਹਨਾਂ ਦੀ ਹਾਲਤ ਨੂੰ ਹੋਰ ਵੀ ਬਦਤਰ ਬਣਾ ਰਿਹਾ ਹੈ। ਸਮੂਹ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਹਿੰਦੂ ਹੰਕਾਰਵਾਦੀ ਤਾਕਤਾਂ ਦੇ ਇਹਨਾਂ ਹਮਲਿਆਂ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਸ ਯੋਜਨਾਬੱਧ ਹਿੰਸਾ ਪਿੱਛੇ ਕੰਮ ਕਰਦੀ ਖ਼ਤਰਨਾਕ ਹਿੰਦੂਤਵੀ ਸਾਜ਼ਿਸ਼ ਨੂੰ ਬੇਪਰਦ ਕਰਦੇ ਹੋਏ ਆਮ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਉਹਨਾਂ ਮੰਗ ਕੀਤੀ ਕਿ ਕਾਰਕੁੰਨਾਂ ਜਿਗਨੇਸ਼ ਮੇਵਾਨੀ ਅਤੇ ਉਮਰ ਖ਼ਾਲਿਦ ਵਿਰੁੱਧ ਦਰਜ ਕੀਤੇ ਭੜਕਾਊ ਭਾਸ਼ਣ ਦੇਣ ਦੇ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ, ਭੀਮਾ-ਕੋਰੇਗਾਓਂ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਦਲਿਤਾਂ ਅਤੇ ਹੋਰ ਸਮੂਹਾਂ ਦੇ ਖ਼ਿਲਾਫ਼ ਕਾਤਲਾਨਾ ਹਿੰਸਾ ਅਤੇ ਸਾੜਫੂਕ ਨੂੰ ਅੰਜਾਮ ਦੇਣ ਵਾਲੇ ਹਿੰਦੂਤਵੀ ਅਨਸਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਦਲਿਤਾਂ ਉੱਪਰ ਜ਼ੁਲਮ ਬੰਦ ਕੀਤੇ ਜਾਣ।             
ਪੈ੍ਸ ਸਕੱਤਰ ਬੂਟਾ ਸਿੰਘ
ਮਿਤੀ: 5 ਜਨਵਰੀ 2018